1930 ਤੇ 40 ਵਿਆਂ ਦੇ ਦਹਾਕੇ ਦੌਰਾਨ ਕ੍ਰਿਸ਼ਨਾਮੂਰਤੀ ਆਪਣੀਆਂ ਵਾਰਤਾਵਾਂ, ਕੁਦਰਤ ਨਾਲ਼ ਆਪਣੇ ਸੰਵਾਦ, ਜੀਵਨ ਬਾਰੇ ਆਪਣੇ ਚਿੰਤਨ, ਤੇ ਵੱਖ-ਵੱਖ ਲੋਕਾਂ ਤੇ ਸਮੂਹਾਂ ਨਾਲ਼ ਹੋਈਆਂ ਗੱਲਾਂ ਬਾਰੇ ਨਿਜੀ ਨੋਟਸ ਲੈਂਦੇ ਰਹੇ ਸੀ। ਹਾਲਾਂਕਿ ਇਹ ਕੋਈ ਨਿਰੰਤਰ ਸਿਲਸਿਲਾ ਨਹੀਂ ਸੀ, ਪਰ ਦੁਨੀਆ ਭਰ ਵਿੱਚ ਅਨੇਕਾਂ ਹੀ ਆਮ ਸਧਾਰਣ ਲੋਕਾਂ ਨਾਲ਼ ਹੋਈ ਉਨ੍ਹਾਂ ਦੀ ਇਸ ਗੱਲ-ਬਾਤ ਨੂੰ ‘ਕੁਮੈਂਟਰੀਜ਼ ਔਨ ਲਿਵਿੰਗ' ਦੇ ਰੂਪ ਵਿੱਚ ਇਕੱਠਾ ਕਰਕੇ ਤਿੰਨ ਕਿਤਾਬਾਂ ਦੀ ਲੜੀ ਵੱਜੋਂ ਪ੍ਰਕਾਸ਼ਿਤ ਕੀਤਾ ਗਿਆ। ਇਹ ਮੌਜੂਦਾ ਲੜੀ ਉਸੇ ਦਾ ਪੰਜਾਬੀ ਅਨੁਵਾਦ ਹੈ।
ਇਨ੍ਹਾਂ ਛੋਟੇ-ਛੋਟੇ ਅਧਿਆਵਾਂ ਵਿੱਚ ਜਿੱਥੇ ਕੁਦਰਤ ਦਾ ਬੇਹੱਦ ਸਜੀਵ ਚਿਤਰਣ ਦੇਖਣ ਨੂੰ ਮਿਲਦਾ ਹੈ ਉੱਥੇ ਮਨੁੱਖ ਦੇ ਬੁਨਿਆਦੀ ਮਾਨਸਿਕ ਮਸਲਿਆਂ ਦੀ ਮਹੀਨ ਛਾਣਬੀਨ ਵੀ ਨਜ਼ਰ ਆਉਂਦੀ ਹੈ, ਜਿਹੜੀ ਸਾਹਮਣੇ ਵਾਲੇ ਬੰਦੇ ਨਾਲ਼ ਹੁੰਦੀ ਗੱਲਬਾਤ ਵਿੱਚ ਸਹਿਜੇ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ। ਇਨ੍ਹਾਂ ਕਿਤਾਬਾਂ ਨੂੰ ਕ੍ਰਿਸ਼ਨਾਮੂਰਤੀ ਦੀਆਂ ਸਭ ਤੋਂ ਸੌਖੀਆਂ ਕਿਤਾਬਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ, ਹਾਲਾਂਕਿ ਇਨ੍ਹਾਂ ਵਿੱਚ ਵੀ ਹਰ ਥਾਂ ਗਿਆਨ, ਸੱਚਾਈ, ਪੂਰਣਤਾ, ਧਿਆਨ, ਆਜ਼ਾਦੀ, ਪਿਆਰ, ਕੋਸ਼ਿਸ਼, ਸਿਆਣਪ, ਮੌਤ, ਲਾਲਸਾਵਾਂ, ਡਰ ਤੇ ਅਸਲ ਐਕਸ਼ਨ ਵਰਗੇ ਗੰਭੀਰ ਮੁੱਦਿਆਂ ਉੱਤੇ ਖੋਜ-ਪੜਤਾਲ ਦੇਖਣ ਮਿਲਦੀ ਹੈ। ਇਨ੍ਹਾਂ ਸੰਵਾਦਾਂ ਰਾਹੀਂ ਸੋਚਾਂ ਵਿੱਚੋਂ ਉਪਜਦੇ ਮਨੁੱਖੀ ਦੁੱਖ ਨੂੰ ਪੂਰੀ ਤਰ੍ਹਾਂ ਨਾਲ਼ ਉਘਾੜਿਆ ਗਿਆ ਹੈ।
ਇਸ ਲੜੀ ਵਿੱਚ ਲੇਖਣੀ ਦਾ ਇੱਕ ਨਵਾਂ ਹੀ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ- ਜਿਸ ਅੰਦਰ ਕੁਦਰਤ ਦੀਆਂ ਬੜੀਆਂ ਹੀ ਪ੍ਰਗੀਤਕ ਝਲਕੀਆਂ ਹਨ, ਫ਼ਲਸਫ਼ੇ ਦੀ ਡੂੰਘਾਈ ਤੇ ਮਾਨਸਿਕ ਅੰਤਰ-ਝਲਕੀਆਂ ਹਨ, ਤੇ ਇਸ ਸਾਰੇ ਕੁਝ ਨੂੰ ਇੱਕ ਡੂੰਘੇ ਧਾਰਮਿਕ ਅਹਿਸਾਸ ਦੀ ਰੰਗਤ ਵਿੱਚ ਪੇਸ਼ ਕੀਤਾ ਗਿਆ ਹੈ, ਜਿਸਦੀ ਵਾਰਤਕ ਬੇਹਦ ਦਿਲਕਸ਼ ਤੇ ਨਿੱਖਰਵੀਂ ਹੈ। ਇਹ ਲੜੀ ਪਾਠਕ ਨੂੰ ਸੱਦਾ ਦਿੰਦੀ ਹੈ ਕਿ ਉਹ ਕ੍ਰਿਸ਼ਨਾਮੂਰਤੀ ਦੇ ਸੰਗ-ਸੰਗ ਮਨ ਦੇ ਸੰਸਕਾਰਾਂ ਨੂੰ ਸਮਝਣ ਤੇ ਆਜ਼ਾਦੀ ਦੇ ‘ਅਣਗਾਹੇ ਰਾਹਾਂ ਦੀ ਅਨੰਤ ਯਾਤਰਾ ਉੱਤੇ ਨਿੱਕਲ ਜਾਵੇ।