ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਨੇ
ਦਿਲ ਦੀ ਵੇਦਨ ਕੋਈ ਨਾ ਜਾਣੇ, ਅੰਦਰ ਦੇਸ਼ ਬਿਗਾਨੇ।
ਜਿਸਨੂੰ ਚੋਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ।
ਏਸ ਇਸ਼ਕ ਦੀ ਔਖੀ ਘਾਟੀ, ਜੋ ਚੜ੍ਹਿਆ ਸੋ ਜਾਣੇ।
ਅਰਥਾਤ ਦੇਖੋ ਇਸ਼ਕ ਨੇ ਸਾਡੀ ਕੀ ਹਾਲਤ ਬਣਾ ਦਿਤੀ! ਲੋਕ ਤਾਨੇ ਮਾਰਦੇ ਹਨ। ਦਿਲ ਦੀ ਪੀੜ ਨੂੰ ਕੋਈ ਨਹੀਂ ਜਾਣਦਾ। ਅਸੀਂ ਦੇਸ਼ ਦੇ ਅੰਦਰ ਹੀ ਬਿਗਾਨੇ ਹੋ ਗਏ। ਜਿਸ ਨੂੰ ਅੰਮ੍ਰਿਤ ਦੀ ਚੋਟ ਲੱਗੀ ਹੋਵੇ ਉਹੀ ਅੰਮ੍ਰਿਤ ਨੂੰ ਪਛਾਣ ਸਕਦਾ ਹੈ। ਇਸ ਇਸ਼ਕ ਦੀ ਯਾਤਰਾ ਬੜੀ ਔਖੀ ਹੈ, ਪਹਾੜੀ ਦੀ ਚੜ੍ਹਾਈ ਹੈ। ਜੋ ਚੜ੍ਹਦਾ ਹੈ ਬਸ ਉਹੀ ਜਾਣਦਾ ਹੈ। ਹਿੰਮਤ ਹੈ ਤਾਂ ਚੁਣੌਤੀ ਸਵੀਕਾਰ ਕਰ। ਕੀ ਤੂੰ ਸੋਚਦਾ ਹੈਂ ਕਿ ਬੁੱਧ ਨੇ ਵਿਮਲਕੀਰਤੀ ਨੂੰ ਕਿਹਾ ਹੁੰਦਾ ਕਿ ਬਣ ਜਾ ਭਿਕਸ਼ੂ ਤਾਂ ਵਿਮਲਕੀਰਤੀ ਇਨਕਾਰ ਕਰਦਾ? ਮੈਂ ਤੈਨੂੰ ਕਹਿੰਦਾ ਹਾਂ ਕਿ ਹੋ ਜਾ ਸੰਨਿਆਸੀ। ਜੇਕਰ ਤੇਰੇ ਵਿਚ ਵੀ ਵਿਮਲਕੀਰਤੀ ਵਰਗੀ ਹਿੰਮਤ ਅਤੇ ਦਲੇਰੀ ਹੈ, ਕਿਤੇ ਥੋੜੀ-ਬਹੁਤ ਵੀ ਸਮਰੱਥਾ ਹੈ ਤਾਂ ਚੁਣੌਤੀ ਸਵੀਕਾਰ ਕਰ। ਹੁਣ ਤਕ ਕਿਵੇਂ ਛੁਪਿਆ ਬੈਠਾ ਰਿਹਾ ਹੈਂ? ਪਰ ਲੋਕ ਨੇੜੇ ਆਉਣਾ ਚਾਹੁੰਦੇ ਹਨ, ਮੁੱਲ ਅਦਾ ਨਹੀਂ ਕਰਨਾ ਚਾਹੁੰਦੇ। ਲੋਕ ਨੇੜੇ ਹੋਣਾ ਚਾਹੁੰਦੇ ਹਨ, ਨੇੜਤਾ ਨੂੰ ਅਰਜਤ ਨਹੀਂ ਕਰਨਾ ਚਾਹੁੰਦੇ।
ਸ਼ਿੱਸ਼ਤਵ ਕੀ ਤੂੰ ਕੋਈ ਸਸਤੀ ਗੱਲ ਸਮਝਦਾ ਹੈਂ? ਸਿਰ ਲੁਹਾਉ ਤਾਂ ਮਿਲਦਾ ਹੈ, ਪਗੜੀ ਲਾਹ ਕੇ ਰਖੋ ਤਾਂ ਮਿਲਦਾ ਹੈ। ਮੁਫ਼ਤ ਤਾਂ ਨਹੀਂ ਮਿਲਦਾ, ਸ਼ਿੱਸ਼ਤਵ ਦਾ ਹੀਰਾ ਇਸ ਜਗਤ ਵਿਚ ਸਭ ਤੋਂ ਵੱਧ ਕੀਮਤੀ ਹੀਰਾ ਹੈ। ਪਰ ਤੂੰ ਸੋਚਿਆ ਹੋਵੇਗਾ ਕਿ ਮੁਫ਼ਤ ਜੇਕਰ ਮਿਲ ਜਾਵੇ, ਐਵੇਂ ਹੀ ਕਿਤੇ ਰਾਹ ਵਿਚ ਪਿਆ ਮਿਲ ਜਾਵੇ। ਸੱਚ ਨੂੰ ਵੀ ਲੋਕ ਰਾਹ ਦੇ ਕੰਢੇ ਪਿਆ ਹੋਇਆ ਪਾਉਣਾ ਚਾਹੁੰਦੇ ਹਨ। ਸੱਚ ਨੂੰ ਵੀ ਚੁਰਾਣਾ ਚਾਹੁੰਦੇ ਹਨ ਜਾਂ ਮੁਫ਼ਤ ਵਿਚ ਪਾਣਾ ਚਾਹੁੰਦੇ ਹਨ। ਸੱਚ ਦੇ ਲਈ ਸਭ ਕੁਝ ਅਰਪਤ ਕਰਨਾ ਹੁੰਦਾ ਹੈ। ਸੱਚ ਤਾਂ ਸਿਰਫ ਜੁਆਰੀਆਂ ਦੇ ਲਈ ਹੈ, ਸ਼ਰਾਬੀਆਂ ਦੇ ਲਈ ਹੈ, ਸਮਝਦਾਰਾਂ ਦੇ ਲਈ ਨਹੀਂ ਹੈ, ਦੁਕਾਨਦਾਰਾਂ ਦੇ ਲਈ ਨਹੀਂ ਹੈ।