ਇਹ ਕਿਤਾਬ ਤੁਹਾਡੇ ਲਈ ਹੈ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਸੰਤਾਲ਼ੀ ਦੀ ਵੰਡ ਨੇ ਪੰਜਾਬੀਆਂ ਦਾ ਮਨੋਵਿਗਿਆਨਕ ਪੱਧਰ 'ਤੇ ਕਿਸ ਕਿਸ ਤਰ੍ਹਾਂ ਨਾਲ ਨੁਕਸਾਨ ਕੀਤਾ। ਇਹ ਕਿਤਾਬ ਦੱਸਦੀ ਹੈ ਕਿ ਵੰਡ ਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਾਨਸਿਕ ਰੋਗੀ ਨਹੀਂ ਬਣਾਇਆ ਜੋ ਇਸ ਦੇ ਚਸ਼ਮਦੀਦ ਗਵਾਹ ਸਨ ਸਗੋਂ ਪਾਗਲਪਨ ਦੇ ਲੱਛਣ ਅਗਲੀਆਂ ਪੀੜ੍ਹੀਆਂ ਵਿਚ ਵੀ ਤੁਰਦੇ ਗਏ। ਭਾਰਤ-ਪਾਕਿਸਤਾਨ ਵੰਡ ਤੋਂ ਕਰੀਬਨ ਤਿੰਨ ਕੁ ਸਾਲ ਬਾਅਦ ਮਜ਼ਹਬ ਦੇ ਆਧਾਰ ’ਤੇ ਪਾਗਲਾਂ ਦੇ ਵਟਾਂਦਰੇ ਨੂੰ ਜਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਉਸ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਹੋਰ ਨਹੀਂ ਮਿਲਦੀ।ਇਸ ਵਟਾਂਦਰੇ ਦੌਰਾਨ ਜਿੰਨੀ ਗਿਣਤੀ ਵਿਚ ਹਿੰਦੂ-ਸਿੱਖ ਪਾਗਲਾਂ ਨੰ ਹਿੰਦੁਸਤਾਨ ਭੇਜਿਆ, ਬਦਲੇ ਵਿਚ ਓਨੀ ਗਿਣਤੀ ਵਿਚ ਮੁਸਲਮਾਨ ਪਾਗਲਾਂ ਨੂੰ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਭੇਜਿਆ ਗਿਆ।ਅਣਵੰਡੇ ਪੰਜਾਬ ਕੋਲ ਇੱਕੋ ਵੱਡਾ ਤੇ ਸਾਂਝਾ ਪਾਗਲਖ਼ਾਨਾ ਸੀ; ਲਾਹੌਰ ਦਾ ਪਾਗਲਖ਼ਾਨਾ, ਜੋ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਿਆ ਤੇ ਚੜ੍ਹਦੇ ਪੰਜਾਬ ਨੰ ਅੰਮ੍ਰਿਤਸਰ ਵਿਚ ਨਵਾਂ ਪਾਗਲਖ਼ਾਨਾ ਬਣਾਉਣਾ ਪਿਆ।ਇਹ ਕਿਤਾਬ ਪਾਗਲਾਂ ਦੇ ਵਟਾਂਦਰੇ ਅਤੇ ਉਧਾਲੀਆਂ ਔਰਤਾਂ ਦੀ ਧੱਕੇ ਨਾਲ਼ ਘਰ ਵਾਪਸੀ ਦੀ ਕਥਾ ਨੰ ਪਹਿਲੀ ਵਾਰ ਤਫ਼ਸੀਲ ਨਾਲ ਬਿਆਨ ਕਰਦੀ ਹੈ। ਇਸ ਕਿਤਾਬ ਵਿਚਲੀਆਂ ਤੇਰਾਂ ਕਹਾਣੀਆਂ, ਸੰਤਾਲੀ ਤੋਂ ਚੁਰਾਸੀ ਤਕ ਫੈਲਦੀਆਂ ਹਨ ਜਿ੍ਨ੍ਹਾਂ ਨੂੰ ਪੜ੍ਹਦਿਆਂ ਸਮਝ ਆਉਂਦਾ ਹੈ ਕਿ ਵੰਡ ਅਤੀਤ ਵਿਚ ਵਾਪਰੀ ਘਟਨਾ ਨਹੀਂ ਸਗੋਂ ਨਿਰੰਤਰ ਵਾਪਰ ਰਹੀ ਹੈ। ਕੁਝ ਸਾਂਝੇ ਪਾਤਰਾਂ ਅਤੇ ਘਟਨਾਵਾਂ ਕਰਕੇ, ਸਾਂਝ ਦੇ ਸੂਤਰ ਵਿਚ ਪਰੋਈਆਂ ਇਹ ਕਹਾਣੀਆਂ ਵੰਡ ਨਾਲ ਸੰਬੰਧਤ ਇਕ ਇਤਿਹਾਸਕ ਦਸਤਾਵੇਜ਼ ਜਿੰਨਾ ਰੁਤਬਾ ਰੱਖਦੀਆਂ ਹਨ।ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਪ੍ਰਕਾਸ਼ ਕੋਹਲੀ ’ਚੋਂ ਲੇਖਕ ਅਨਿਰੁੱਧ ਕਾਲਾ ਦਾ ਝਾਉਲਾ ਪੈਂਦਾ ਹੈ।ਸੋ ਵਿਧਾ ਪੱਖੋਂ ਇਹ ਕਿਤਾਬ ਗਲਪ, ਇਤਿਹਾਸ, ਸਵੈਜੀਵਨੀ ਆਦਿ ਸਭ ਦਾ ਮਿਸ਼ਰਨ ਜਾਪਦੀ ਹੈ। ਇਹ ਕਹਾਣੀਆਂ ਤੁਹਾਨੂੰ ਭਾਵੁਕਤਾ ਦੇ ਵਹਿਣ ਵਿਚ ਨਹੀਂ ਵਹਾਉਂਦੀਆਂ ਸਗੋਂ ਝੰਜੋੜਦੀਆਂ ਹੋਈਆਂ, ਸਵਾਲਾਂ ਦੇ ਰੂਬਰੂ ਕਰਦੀਆਂ ਹਨ। - ਡਾ. ਕੁਲਵੀਰ ਗੋਜਰਾ (ਅਨੁਵਾਦਕ)